ਮੁੱਖ ਪੰਨਾ

ਪੰਜਾਬੀ ਦਾ ਹਫਤਾਵਾਰੀ/ਪੰਦਰਵਾੜਾ ਅਖਬਾਰ ਕੈਨੇਡਾ ਦਰਪਣ ਨਵੰਬਰ 1982 ਤੋਂ ਲੈ ਕੇ ਜਨਵਰੀ 1989 ਤੱਕ ਦਰਸ਼ਨ ਗਿੱਲ ਦੀ ਸੰਪਾਦਨਾ ਹੇਠ ਵੈਨਕੂਵਰ/ਸਰੀ ਤੋਂ ਨਿਕਲਦਾ ਰਿਹਾ ਹੈ। ਇਸ ਸਮੇਂ ਦੌਰਾਨ ਇਸ ਦੇ 300 ਦੇ ਕਰੀਬ ਅੰਕ ਪ੍ਰਕਾਸ਼ਤ ਹੋਏ। ਇਹਨਾਂ ਅੰਕਾਂ ਵਿੱਚ ਕੈਨੇਡਾ ਵਿੱਚ ਉਸ ਸਮੇਂ ਦੀ ਪੰਜਾਬੀ/ਭਾਰਤੀ ਕਮਿਊਨਿਟੀ ਦੇ ਸਮਾਜਕ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਮੌਜੂਦ ਹੈ।

ਕੈਨੇਡਾ ਦਰਪਣ ਦੇ ਪਹਿਲੇ ਅੰਕ ਦੀ ਸੰਪਾਦਕੀ – “ਆਖਰ ਕੈਨੇਡਾ ਦਰਪਣ ਦੀ ਲੋੜ ਕਿਉਂ?- ਵਿੱਚ ਕੈਨੇਡਾ ਦਰਪਣ ਕੱਢਣ ਦੇ ਮਕਸਦ ਬਾਰੇ ਦੱਸਦਿਆਂ ਇਸ ਦੇ ਸੰਪਾਦਕ ਦਰਸ਼ਨ ਗਿੱਲ ਨੇ ਲਿਖਿਆ ਸੀ:

“ਅਖਬਾਰ ਅਜਿਹਾ ਮਾਧਿਅਮ ਜਾਂ ਵਸੀਲਾ ਹਨ ਜਿਨ੍ਹਾਂ ਰਾਹੀ ਮਨੁੱਖ ਦੀਆਂ ਮਾਨਸਿਕ, ਰਾਜਨੀਤਕ, ਆਰਥਕ, ਸਾਹਿਤਕ, ਸਮਾਜਕ ਤੇ ਸਭਿਆਚਾਰਕ ਲੋੜਾਂ ਸੰਬੰਧਤ ਹਨ। ਧਰਮ ਇਕ ਸਮਾਜਕ ਕਰਮ ਹੈ, ਇਸ ਲਈ ਉਹ ਸਮਾਜਕ ਪਹਿਲੂ ਵਿੱਚ ਹੀ ਸਮੋਇਆ ਜਾ ਸਕਦਾ ਹੈ। ਅਖਬਾਰ ਬਹੁਤੀ ਵਾਰ ਇਨ੍ਹਾਂ ਉਪ੍ਰੋਕਤ ਪਹਿਲੂਆਂ ਨੂੰ ਸਮੁੱਚੇ ਰੂਪ ਵਿੱਚ ਪੇਸ਼ ਕਰਨ ਦੀ ਥਾਂ ਅਕਸਰ ਇਹ ਟਪਲਾ ਖਾ ਜਾਂਦੇ ਹਨ ਤੇ ਉਨ੍ਹਾਂ ਦੇ ਵੱਖ ਵੱਖ ਪ੍ਰਭਾਵ ਬਣ ਜਾਂਦੇ ਹਨ। ਕਈ ਅਖਬਾਰ ਕੇਵਲ ਮਜ਼੍ਹਬੀ ਪਹਿਲੂ ਨੂੰ ਉਭਾਰਕੇ – ਇਸ ਨੂੰ ਸਮਾਜਕ ਕਰਮ ਨਾਲੋਂ ਨਿਖੇੜ ਕੇ, ਲੋਕਾਂ ਵਿੱਚ ਕੇਵਲ ਮਜ਼੍ਹਬੀ ਰੰਗ ਦਾ ਪ੍ਰਚਾਰ ਕਰਨ ਦਾ ਵਸੀਲਾ ਬਣਦੇ ਹਨ ਤੇ ਉਹ ਰਾਜਨੀਤਕ ਪਹਿਲੂ ਨੂੰ ਵੀ ਮਜ਼੍ਹਬੀ ਰੰਗਣ ਦੇ ਦਿੰਦੇ ਹਨ। ਇਸ ਕਾਰਨ ਉਹ ਅਖਬਾਰ ਨੂੰ ਅਜਿਹਾ ਸਾਧਨ ਬਣਾ ਲੈਂਦੇ ਹਨ ਕਿ ਮਜ਼੍ਹਬ ਵਿੱਚ ਬਾਕੀ ਰੰਗ ਸਮਾ ਜਾਂਦੇ ਹਨ। ਇਹ ਮਨੁੱਖ ਨੂੰ ਸਮੁੱਚੇ ਰੂਪ ਵਿੱਚ ਪੇਸ਼ ਕਰਨ ਦੀ ਥਾਂ ਕੇਵਲ ਉਸ ਦੇ ਇਕ ਪੱਖ ਨੂੰ ਹੀ ਉਭਾਰ ਕੇ ਪੇਸ਼ ਕਰਨਾ ਆਪਣਾ ਅਕੀਦਾ ਮਿੱਥ ਲੈਂਦੇ ਹਨ।…

ਅਸੀਂ ‘ਕੈਨੇਡਾ ਦਰਪਣ” ਨੂੰ ਅਜਿਹੇ ਰੂਪ ਵਿਚ ਚਿਤਵਿਆ ਹੈ ਜੋ ਰੰਗ, ਨਸਲ, ਮਜ਼੍ਹਬ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖੀ ਸ਼ਖਸੀਅਤ ਦਾ ਪ੍ਰਗਟਾਵਾ ਬਣ ਸਕੇ। ਮਨੁੱਖ, ਮਨੁੱਖ ਹੈ ਤੇ ਇਹ ਮਨੁੱਖਤਾ ਹੀ ਮਨੁੱਖ ਦਾ ਅਸਲੀ ਖਾਸਾ ਹੈ। ਜੋ ਮਨੁੱਖੀ ਸ਼ਖਸੀਅਤ ਦਾ ਸ਼ੀਸ਼ਾ ਨਹੀਂ ਬਣ ਸਕਦਾ, ਉਸ ਨੂੰ ਅਖਬਾਰ ਕਹਿਣਾ ਗਲਤ ਹੋਵੇਗਾ।”

ਕੈਨੇਡਾ ਦਰਪਣ ਦੇ ਬਹੁਗਿਣਤੀ ਅੰਕਾਂ ਦੀਆਂ ਪੀ ਡੀ ਐੱਫ ਫਾਈਲਾਂ ਦੀ ਇਹ ਡਿਜੀਟਲ ਆਰਕਾਈਵ ਤਿਆਰ ਕਰਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਹੁਣ ਦੁਨੀਆ ਭਰ ਵਿੱਚ ਵਸਣ ਵਾਲਾ ਕੋਈ ਵੀ ਪੰਜਾਬੀ ਇੰਟਰਨੈੱਟ ਰਾਹੀਂ ਇਹਨਾਂ ਅੰਕਾਂ ਨੂੰ ਦੇਖ ਸਕੇਗਾ। ਇਹਨਾਂ ਅੰਕਾਂ ਦੇ ਨਾਲ ਨਾਲ ਅਸੀਂ ਕੈਨੇਡਾ ਦਰਪਣ ਦੇ ਅੰਕਾਂ ਵਿੱਚ ਛਪੀਆਂ ਖਬਰਾਂ/ਲਿਖਤਾਂ ਦੀ ਸੂਚੀ ਵੀ ਛਾਪ ਰਹੇ ਹਾਂ ਤਾਂ ਜੋ ਇਹ ਅੰਕ ਦੇਖਣ ਵਾਲਿਆਂ ਨੂੰ ਕੈਨੇਡਾ ਦਰਪਣ ਵਿੱਚ ਛਪੀ ਸਮੱਗਰੀ ਵਿੱਚੋਂ ਜਾਣਕਾਰੀ ਲੱਭਣ ਵਿੱਚ ਸੌਖ ਰਹੇ।

ਅਸੀਂ ਇਹ ਆਰਕਾਈਵ ਦਰਸ਼ਨ ਗਿੱਲ ਦੀ ਪਤਨੀ ਚਰਨਜੀਤ ਕੌਰ ਗਿੱਲ ਦੀ ਇਜਾਜ਼ਤ ਨਾਲ ਪ੍ਰਕਾਸ਼ਤ ਕਰ ਰਹੇ ਹਾਂ। ਉਹਨਾਂ ਨੇ ਸਾਨੂੰ ਇਹ ਆਰਕਾਈਵ ਤਿਆਰ ਕਰਨ ਦੀ ਇਜਾਜ਼ਤ ਹੀ ਨਹੀਂ ਦਿੱਤੀ, ਸਗੋਂ ਸਾਨੂੰ ਕੈਨੇਡਾ ਦਰਪਣ ਦੇ ਪੁਰਾਣੇ ਅੰਕ ਵੀ ਦਿੱਤੇ। ਇਸ ਦੇ ਨਾਲ ਨਾਲ ਉਹਨਾਂ ਨੇ ਕੈਨੇਡਾ ਦਰਪਣ ਦੇ ਅੰਕਾਂ ਵਿੱਚ ਛਪੀਆਂ ਲਿਖਤਾਂ ਦੀ ਸੂਚੀ ਤਿਆਰ ਕਰਨ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ। ਇਸ ਸਭ ਕੁੱਝ ਲਈ ਅਸੀਂ ਉਹਨਾਂ ਦੇ ਸੱਚੇ ਦਿਲੋਂ ਧੰਨਵਾਦੀ ਹਾਂ। ਉਹਨਾਂ ਦੇ ਸਹਿਯੋਗ ਤੋਂ ਬਿਨਾਂ ਸਾਡੇ ਲਈ ਇਸ ਆਰਕਾਈਵ ਨੂੰ ਤਿਆਰ ਕਰਨਾ ਸੰਭਵ ਨਹੀਂ ਸੀ।

ਸਾਨੂੰ ਆਸ ਹੈ ਕਿ ਪੰਜਾਬੀ ਪਾਠਕ ਅਤੇ ਕੈਨੇਡਾ ਵਿੱਚ ਪੰਜਾਬੀਆਂ/ /ਸਾਊਥ ਏਸ਼ੀਅਨਾਂ ਦੇ ਇਤਿਹਾਸ ਦੇ ਵਿਦਿਆਰਥੀ ਇਸ ਆਰਕਾਈਵ ਦਾ ਪੂਰਾ ਫਾਇਦਾ ਉਠਾਉਣਗੇ।

-ਸੁਖਵੰਤ ਹੁੰਦਲ

ਕੈਨੇਡਾ ਦਰਪਣ ਦੀ ਆਰਕਾਈਵ ਦੇਖਣ ਲਈ ਕਲਿੱਕ ਕਰੋ।